ਗੁਰਬਾਣੀ ਵਿਆਕਰਨ ਦੀਆਂ ਉਦਾਹਰਨਾਂ/ Examples of Gurbani Grammar
ਸਿੱਖ, ਸਾਧ, ਸੰਤ, ਜੰਤ, ਪਾਠ, ਜਾਪ, ਤਾਪ, ਸੰਜਮ, ਪੁੰਨ, ਪਾਪ, ਨਿੰਦਕ, ਦੇਸ, ਵੇਸ, ਦਿਨ, ਸੁਖ, ਆਹਰ, ਭੋਜਨ, ਆਦਿ ਸ਼ਬਦ ਬਹੁ-ਵਚਨ, ਪੁਲਿੰਗ ਨਾਵਾਂ ਦੇ ਲਖਾਇਕ ਹਨ ।
- ਅਮੁਲ- ਬਹੁ-ਵਚਨ ਸ਼ਬਦ ਹੈ: ਅਮੁਲ ਗੁਣ ਅਮੁਲ ਵਾਪਾਰ॥ (ਪੰਨਾ )
ਨੋਟ: ਇਸ ਪੰਗਤੀ ਵਿੱਚ ' ਅਮੁਲ ' ਸ਼ਬਦ ' ਗੁਣ ਅਤੇ ਵਾਪਾਰ ' ਦਾ ਵਿਸ਼ੇਸ਼ਣ ਹੈ। ਦੋਵੇਂ , ਗੁਣ ਅਤੇ ਵਾਪਾਰ, ਪੁਲਿੰਗ ਅਤੇ ਮੁਕਤਾ-ਅੰਤ ਨਾਉਂ ਹਨ। ਇਨ੍ਹਾਂ ਦਾ ਵਿਸ਼ੇਸ਼ਣ ' ਅਮੁਲ ' ਵੀ ਪੁਲਿੰਗ ਅਤੇ ਮੁਕਤਾ-ਅੰਤ ਹੈ।
- ਅਮੁਲੁ- ਇਕ ਵਚਨ ਸ਼ਬਦ ਹੈ: ਅਮੁਲੁ ਧਰਮੁ ਅਮੁਲੁ ਦੀਬਾਣੁ ॥ ( ਪੰਨਾ 5)
- ਤਿੰਨੇ ਸ਼ਬਦ ' ਅਮੁਲੁ, ਧਰਮੁ ਅਤੇ ਦੀਬਾਣੁ ' ਔਂਕੜ-ਅੰਤ, ਪੁਲਿੰਗ, ਇਕ-ਵਚਨ ਹਨ, ਅਤੇ ਅਮੁਲੁ ਸ਼ਬਦ ਧਰਮੁ ਅਤੇ ਦੀਬਾਣੁ ਦਾ ਵਿਸ਼ੇਸ਼ਣ ਹੈ।
- ਇਹੁ ਲੇਖਾ ਲਿਖਿ ਜਾਣੈ ਕੋਇ ॥ ਲੇਖਾ ਲਿਖਿਆ ਕੇਤਾ ਹੋਇ ॥ (ਪੰਨਾ ੩)
- ਉਪਰਲੀ ਪੰਗਤੀ ਵਿੱਚ ਸ਼ਬਦ ' ਲੇਖਾ ' ਇਕ-ਵਚਨ ਪੁਲਿੰਗ ਹੋਣ ਕਰਕੇ ਇਸਦਾ ਨਿਸਚੇ-ਵਾਚਕ ਵਿਸ਼ੇਸ਼ਣ ਸ਼ਬਦ ' ਏਹੁ ' ਔਕੜ-ਅੰਤ, ਇਕ-ਵਚਨ ਪੁਲਿੰਗ ਹੈ।
ਨੋਟ: - ਦੋਨਾਂ ' ਏਹ ' ਅਤੇ ' ਏਹੁ ' ਦਾ ਉਚਾਰਨ ' ਏਹ ' ਇਕੋ ਜਿਹਾ ਹੀ ਹੈ।
- ਮੇਰੇ ਮਨ : ਹੇ ਮੇਰੇ ਮਨ !; ਮੇਰੇ ਮਨ ਰਾਮ ਨਾਮਿ ਚਿਤੁ ਲਾਇ॥ (ਪੰਨਾ 1177); ਰਾਮ ਦੇ ਨਾਮ ਵਿੱਚ ਚਿਤੁ ਲਾਇਆ ਕਰ। ' ਰਾਮ ' ਸ਼ਬਦ ਨਾਲ ' ਦੇ ' ਸ਼ਬਦ ਲੁਪਤ ਸੰਬੰਧਕੀ ਚਿੰਨ ਹੈ।
- ਬਾਮਣ : ਹੇ ਬਾਮਣ! ਮੂਰਖ ਬਾਮਣ, ਪ੍ਰਭੂ ਸਮਾਲਿ॥ ( ਪੰਨਾ 372): ਹੇ ਮੂਰਖ ਬ੍ਰਾਹਮਣ ! ਪ੍ਰਭੂ ਨੂੰ ਯਾਦ ਰਖਿਆ ਕਰ। ਬਾਮਣ ਸ਼ਬਦ ਇਕ-ਵਚਨ ਪੁਲਿੰਗ ਹੈ ਪਰੰਤੂ ਸੰਬੋਧਨ ਹੋਣ ਕਰਕੇ ਮੁਕਤਾ-ਅੰਤ ਹੈ ।
- ਪੰਡਿਤ : ਹੇ ਪੰਡਿਤ! ਕਹੁ ਰੇ ਪੰਡਿਤ, ਬਾਮਨ ਕਬ ਕੇ ਹੋਏ॥ ( ਪੰਨਾ 324); ਪੰਡਿਤ ਮੁਕਤਾ-ਅੰਤ, ਇਕ-ਵਚਨ ਪੁਲਿੰਗ ਹੈ ਅਤੇ ਸੰਬੋਧਨ ਰੂਪ ਵਿੱਚ ਵਰਤਿਆ ਹੋਣ ਕਰ ਕੇ ਮੁਕਤਾ-ਅੰਤ ਹੈ ।
- ਨਾਨਕ : ਹੇ ਨਾਨਕ ! ਨਾਨਕ ਭਗਤਾਂ ਸਦਾ ਵਿਗਾਸੁ॥ (ਪੰਨਾ ); ਨਾਨਕ ਸੰਬੋਧਨ ਰੂਪ ਵਿੱਚ ਉਚਾਰਿਆ ਹੈ, ਇਸ ਲਈ ਮੁਕਤਾ-ਅੰਤ ਹੈ।
- ਨਾਨਕੁ ਨੀਚੁ, ਕਹੈ ਵੀਚਾਰੁ॥ (ਪੰਨਾ ); ਨਾਨਕੁ ਕਰਤਾ-ਕਾਰਕ, ਪੁਲਿੰਗ, ਇਕ ਵਚਨ ਨਾਉਂ ਹੈ ਅਤੇ ' ਨੀਚੁ ' ਸ਼ਬਦ ' ਨਾਨਕੁ ' ਦਾ ਵਿਸ਼ੇਸ਼ਣ ਹੈ।
- ਸੁਨਿ ਮੀਤਾ, ਨਾਨਕੁ ਬਿਨਵੰਤਾ॥ (ਪੰਨਾ 271); ਇਥੇ ਵੀ ਨਾਨਕੁ ਕਰਤਾ-ਕਾਰਕ, ਪੁਲਿੰਗ, ਇਕ ਵਚਨ ਨਾਉਂ ਹੈ।
ਸੰਬੋਧਨ-ਕਾਰਕ ਵਾਲੇ, ਇਕ-ਵਚਨ ਨਾਉਂ ਨਾਲ ਜੋ ਵਿਸ਼ੇਸ਼ਣ ਹੋਵੇਗਾ, ਉਹ ਵੀ ਮੁਕਤਾ-ਅੰਤ ਹੋਵੇਗਾ।
- ਮੂਰਖ : ਮੂਰਖ ਬਾਮਣ, ਪ੍ਰਭੂ ਸਮਾਲਿ॥ ( ਪੰਨਾ 372); ਮੂਰਖ ' ਬਾਮਣ ' ਦਾ ਵਿਸ਼ੇਸ਼ਣ ਹੈ ਅਤੇ ' ਬਾਮਣ ' ਸੰਬੋਧਨ ਰੂਪ ਨਾਉਂ ਹੈ।
- ਦਇਆਲ: ਨਾਨਕ ਕਾਢਿ ਲੇਹੁ ਪ੍ਰਭ ਦਇਆਲ॥ ( ਪੰਨਾ 267); ' ਪ੍ਰਭ ਦਇਆਲ ' ਵਿਸਮਿਕ ਰੂਪ ਵਿੱਚ ਸੰਬੋਧਨ ਹੋ ਕੇ ਕਹੇ ਸ਼ਬਦ ਹਨ॥
' ਪ੍ਰਭ ' ਵਿਸਮਿਕ (ਸੰਬੋਧਨ ) ਰੂਪ ਸ਼ਬਦ ਹੈ ਅਤੇ ' ਦਇਆਲ ' ਸ਼ਬਦ ' ਪ੍ਰਭ ' ਦਾ ਵਿਸ਼ੇਸ਼ਣ ਹੈ, ਇਸ ਲਈ ' ਦਇਆਲ ' ਵੀ ਮੁਕਤਾ-ਅੰਤ ਹੈ।
ਸੰਬੰਧ-ਕਾਰਕ
- ਧਿਆਨ : ਮੁੰਦਾ ਸੰਤੋਖੁ, ਸਰਮੁ ਪਤੁ ਝੋਲੀ, ਧਿਆਨ ਕੀ ਕਰਹਿ ਬਿਭੂਤਿ॥ (ਪੰਨਾ ੬ ), ਮੁੰਦਾ ਸ਼ਬਦ ਬਹੁ-ਵਚਨ ਹੋਣ ਕਰਕੇ, ਇਸ ਦਾ ਉਚਾਰਨ ' ਮੁੰਦਾਂ ' ਹੋਵੇਗਾ ਅਤੇ ' ਕਰਹਿ ' ਸ਼ਬਦ ਵੀ ਬਹੁ-ਵਚਨ ਕਿਰਿਆ ਹੈ ਅਤੇ ਇਸ ਨੂੰ ' ਕਰਹਿਂ ' ਉਚਾਰਨਾ ਹੈ। ਧਿਆਨ ਦੇ ਨਾਲ ਸ਼ਬਦ ' ਕੀ ' ਸੰਬੰਧਕ ਲੱਗਾ ਹੋਣ ਕਰਕੇ ਮੁਕਤਾ-ਅੰਤ ਹੈ।
- ਗੁਰ : ਪੂਰੇ ਗੁਰ ਕਾ ਹੁਕਮੁ ਨ ਮੰਨੈ, ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ॥ (ਪੰਨਾ 303); ' ਗੁਰ ' ਸ਼ਬਦ ਨਾਲ ' ਕਾ ' ਸੰਬੰਧ-ਕਾਰਕ ਆ ਜਾਣ ਕਰ ਕੇ, ' ਗੁਰ ' ਮੁਕਤਾ-ਅੰਤ ਹੈ।
- ਜਗਦੀਸ - ਜਗਦੀਸ਼ : ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ॥ (ਪੰਨਾ 7); ਸ਼ੁਧ ਉਚਾਰਨ ਜਗਦੀਸ਼ ਹੈ। ' ਜਗਦੀਸ ' ਨਾਲ ਲੁਪਤ ਸੰਬੰਧਕ ' ਦਾ ' ਲਗਿਆ ਹੈ। ਜਗਦੀਸ ਦਾ ਇਕ ਨਾਮ ਲਖ ਵਾਰੀ ਆਖੀਏ।
ਲੁਪਤ ਸੰਬੰਧਕ
ਜਗਦੀਸ ਨਾਲ ' ਦਾ ' ਲੁਪਤ ਸੰਬੰਧਕ ਹੈ।
- ਗੁਰ ਪ੍ਰਸਾਦਿ : ਗੁਰੂ ਦੀ ਕਿਰਪਾ ਨਾਲ। ਇਥੇ ਵੀ ' ਗੁਰ ' ਦੇ ਨਾਲ ' ਦੀ ' ਸ਼ਬਦ ਲੁਪਤ ਸੰਬੰਧਕ ਹੈ ਅਤੇ ' ਪ੍ਰਸਾਦਿ ' = ਕਿਰਪਾ ਨਾਲ ; ' ਨਾਲ ' ਜਾਂ ' ਦੁਆਰਾ ਜਾਂ ਰਾਹੀਂ 'ਲੁਪਤ ਸੰਬੰਧਕ ਹੈ।
- ਗੁਰ ਸਿੱਖ : ਗੁਰੂ ਦਾ ਸਿੱਖ।
- ਪੁਰਾਣੁ : ਹਰਿ ਹਰਿ ਕਥਾ ਪੜਹਿ, ਪੁਰਾਣੁ ਜੀਉ॥ (ਪੰਨਾ 923); ਸ਼ੁਧ ਉਚਾਰਨ ' ਪੜਹਿਂ ' ਹੈ । ਹਰੀ ਭਾਵ ਪ੍ਰਭੂ ਦੀ ਸਿਫ਼ਤ ਸਲਾਹ ਦੀ ਕਥਾ ਪੜ੍ਹਨੀ, ਇਹੀ ਸਾਡੇ ਲਈ ਪੁਰਾਣ ਪੜ੍ਹਨਾ ਹੈ ਜੀ। ਭਾਵ ਪੁਰਾਣ ਪੜ੍ਹਨ ਦੇ ਥਾਂ ਪ੍ਰਭੂ ਦੀ ਸਿਫ਼ਤ ਸਲਾਹ ਦੀ ਕਥਾ ਪੜ੍ਹਨੀ ਹੈ।
ਇਸ ਪੰਗਤੀ ਵਿੱਚ ਸ਼ਬਦ ਪੁਰਾਣੁ ਔਂਕੜ ਸਹਿਤ ਹੈ, ਇਸ ਲਈ ਇਸ ਦਾ ਅਰਥ ' ਪੁਰਾਣ ਦੀ ' ਨਹੀਂ ਹੋ ਸਕਦਾ, ਕਿਉਂਕਿ ' ਦਾ, ਦੇ , ਦੀ, ਕਾ ਕੀ, ਆਦਿ ਸੰਬੰਧਕੀ ਚਿੰਨ੍ਹ ਹਨ ਜਿਸ ਕਰਕੇ ਸੰਬੰਧੀ ਦੇ ਅਖੀਰ ਦੇ ਅੱਖਰ ਦਾ ਔਂਕੜ ਕੱਟਿਆ ਜਾਣਾ ਸੀ। ਪ੍ਰੰਤੂ ਇਥੇ ' ਪੁਰਾਣੁ ' ਦਾ ਔਂਕੜ ਨਹੀਂ ਕੱਟਿਆ ਗਿਆ। ਸੋ ਇਸ ਪੰਗਤੀ ਦਾ ਅਰਥ ' ਹਰੀ ਦੀ ਕਥਾ ਰੂਪ ਪੁਰਾਣੁ ਪੜ੍ਹਨਾ ਜੀ'।
- ਗੋਪਾਲ : ਕੇਸੋ ਗੋਪਾਲ ਪੰਡਿਤ ਸਦਿਅਹੁ, ਹਰਿ ਹਰਿ ਕਥਾ ਪੜਹਿਂ, ਪੁਰਾਣੁ ਜੀਉ ॥ (ਪੰਨਾ 923) ਇਸ ਦੇ ਅਰਥ ਹੋਣਗੇ ' ਕੇਸੋ ਗੋਪਾਲ ਦੇ ਪੰਡਤਾਂ ਨੂੰ ਸੱਦਣਾ, ਭਾਵ ਪ੍ਰਮਾਤਮਾਂ ਦੇ ਪੰਡਿਤਾਂ ( ਗੁਰਸਿੱਖਾਂ) ਨੂੰ ਸੱਦਣਾ ਜੋ ਹਰੀ ਦੀ ਕਥਾ ਰੂਪ ਪੁਰਾਣੁ ਪੜ੍ਹਨ; ਭਾਵ ਗੁਰਬਾਣੀ ਦੀ ਵੀਚਾਰ, ਸਿਫਤ ਸਾਲਾਹ ਕਰਨ।
ਨੋਟ : ਜਿਨ੍ਹਾਂ ਨਾਵਾਂ ਨਾਲ ਸੰਬੰਧਕੀ ਚਿੰਨ੍ਹ, ਮਹਿ, ਵਿਚਿ, ਊਪਰਿ, ਪਹਿ, ਪਾਸਿ, ਬਿਨੁ, ਵਿਟਹੁ, ਕਉ, ਸੇਤੀ ਆਦਿ ਆਉਣ, ਉਹਨਾਂ ਨਾਵਾਂ ਦਾ ਅੰਤਲਾ ਅੱਖਰ ਮੁਕਤਾ-ਅੰਤ ਹੋ ਜਾਂਦਾ ਹੈ।
- ਮਹਿ : ਨਾਨਕ! ਜਿਸੁ ਪਿੰਜਰ ਮਹਿ ਬਿਰਹਾ ਨਹੀ, ਸੋ ਪਿੰਜਰੁ ਲੈ ਜਾਰ॥ (ਪੰਨਾ 89); ' ਜਿਸੁ ' ਅਤੇ ' ਸੋ ' ਵਿਸ਼ੇਸ਼ਣ ਹਨ, ਅਤੇ ' ਜਿਸੁ ' ਨਾਲ ਔਂਕੜ ਹੈ। ਪਿੰਜਰ ਵਿੱਚ ' ਰ ' ਦਾ ਔਂਕੜ ( ੁ )ਕੱਟਿਆ ਗਿਆ ਹੈ ਕਿਉਂਕਿ ' ਪਿੰਜਰ ' ਨਾਲ ' ਮਹਿ ' ਸੰਬੰਧਕੀ -ਚਿੰਨ ਲੱਗਾ ਹੈ।
ਇਸ ਪੰਗਤੀ ਵਿੱਚ ਇਕ ' ਪਿੰਜਰ ' ਮੁਕਤਾ-ਅੰਤ ਹੈ ਜਦੋਂ ਕਿ ਦੂਜਾ ' ਪਿੰਜਰੁ ' ਔਂਕੜ-ਅੰਤ ਹੈ। ਇਸਦਾ ਕਾਰਨ ਇਹ ਹੈ ਕਿ ਪਹਿਲਾ ' ਪਿੰਜਰ ' ਸੰਬੰਧੀ ਹੋਣ ਕਰਕੇ, ਇਸਦਾ ਔਂਕੜ ( ੁ ) ਕੱਟਿਆ ਗਿਆ ਹੈ ਜਦੋਂ ਕਿ ਦੂਜਾ ' ਪਿੰਜਰੁ ' ਇਕ-ਵਚਨ, ਪੁਲਿੰਗ ਅਤੇ ਨਉਂ ਹੈ, ਇਸ ਲਈ ਇਹ ਔਂਕੜ-ਅੰਤ ਹੈ।
- ਵਿਚਿ : ਹਉਮੈ ਮਾਰਿ, ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ॥ (ਪੰਨਾ 1168), ਇਸ ਪੰਗਤੀ ਵਿੱਚ, ਮਨ ਨੂੰ ਸੰਬੋਧਨ ਹੋ ਕੇ ਕਿਹਾ ਹੈ (ਅਤੇ ਇਸੇ ਲਈ ' ਮਨ ' ਦਾ ਔਂਕੜ ( ੁ ) ਕੱਟਿਆ ਗਿਆ ਹੈ ), ਹੇ ਮਨ! ਵੀਚਾਰ ਕਰ!, ਸਮਝ ਕਰ!,ਹੋਸ਼ ਕਰ! ਹਉਮੇ ਨੂੰ (ਆਪਣੇ ਅੰਦਰੋਂ ਮੁਕਾਅ ਦੇਹ )ਮਾਰ ਦੇਹ ਅਤੇ ਗੁਣਾਂ ਵਿਚੋਂ ਸ੍ਰੇਸ਼ਟ (ਸਾਰਿ) ਗੁਣ ਆਪਣੇ ਅੰਦਰ ਲੈ ਆ (ਸੰਭਾਲ ਲੈ)।
- ਤੇ : ਆਪਿ ਮੂਆ ਮਨੁ ਮਨ ਤੇ ਜਾਨਿਆ॥ (ਪੰਨਾ ੧੫੩)। ਇਸ ਪੰਗਤੀ ਵਿੱਚ ਦੂਜੇ ' ਮਨ ' ਪਿਛੋਂ ਸ਼ਬਦ ' ਤੇ ' ਸੰਬੰਧਕੀ ਪਦ ਹੈ, ਇਸ ਲਈ ਇਹ ' ਮਨ ' ਮੁਕਤਾ-ਅੰਤ ਹੈ। ਆਪਿ ਮੂਆ ਮਨੁ = ਆਪ ਤੋਂ, ਆਪਾ ਭਾਵ ਤੋਂ ਮਨ ਮਰ ਗਿਆ ; ਮਨ ਤੇ ਜਾਨਿਆ = ਇਹ ਵੀਚਾਰ ਮਨ ਤੋਂ, ਮਨ ਦੇ ਅੰਦਰੋਂ ਪੈਦਾ ਹੁੰਦੀ ਹੈ, ਮਨ ਅੰਦਰੋਂ ਹੀ ਜਾਣ ਜਾਂਦਾ ਹੈ।
- ਸੇਤੀ : ਧਰਮ ਸੇਤੀ ਵਾਪਾਰੁ ਨ ਕੀਤੋ, ਕਰਮੁ ਨ ਕੀਤੋ ਮਿਤੁ ॥ (ਪੰਨਾ 75); ' ਸੇਤੀ ' ਸੰਬੰਧਕੀ ਚਿੰਨ੍ਹ ਹੈ ਇਸੇ ਲਈ ਧਰਮ ਮੁਕਤਾ-ਅੰਤ ਹੈ।
ਅਰਥ: ਧਰਮ ਸ਼ਬਦ ਨਾਲ ਸੰਬੰਧਕੀ ਪਦ ‘ ਸੇਤੀ ‘ ਆ ਜਾਣ ਕਰਕੇ ਧਰਮ ਦੇ ਅਖੀਰਲੇ ਅੱਖਰ ਦਾ ਔਂਕੜ ਕੱਟਿਆ ਗਿਆ ਹੈ। ਅਰਥ: ਨਾਹ ਇਸ ਨੇ ਧਰਮ (ਭਾਵ, ਹਰਿ ਨਾਮ ਜਪਣ, ਭਾਵ ਪ੍ਰਭੂ ਦੇ ਗੁਣਾਂ ਅਨੁਸਾਰੀ ਜੀਵਨ ਬਤੀਤ ਕਰਨ) ਦਾ ਵਾਪਾਰ ਕੀਤਾ, ਤੇ ਨਾਹ ਹੀ ਇਸ ਨੇ ਉੱਚੇ ਆਤਮਕ ਜੀਵਨ ਨੂੰ ਆਪਣਾ ਮਿੱਤਰ ਬਣਾਇਆ ਹੈ।
- ਕਉ : ਖਾਲਕ ਕਉ ਆਦੇਸੁ ਢਾਢੀ ਗਾਵਣਾ ॥ (ਪੰਨਾ 148) , ਸੰਬੰਧਕੀ ਪਦ ‘ ਕਉ ‘ ਆ ਜਾਣ ਨਾਲ, ਖਾਲਕ ਮੁਕਤਾ-ਅੰਤ ਹੋ ਗਿਆ ਹੈ। ਆਦੇਸੁ = ਨਮਸ਼ਕਾਰ;
ਅਰਥ :- ਮਤਿ ਉੱਚੀ ਹੋਇਆਂ ਇਹ ਰਾਜ਼ ਸਮਝ ਵਿੱਚ ਆਉਂਦਾ ਹੈ (ਕਿ ਉਹ ਬੇਅੰਤ ਹੈ) । ਜੋ ਮਨੁੱਖ ਬੇਅੰਤ ਪ੍ਰਭੂ ਦੇ ‘ਨਾਮ’ ਨੂੰ ਮੰਨਦਾ ਹੈ (ਭਾਵ ਜੋ ਪ੍ਰਭੂ ਨਾਮ ਰੂਪੀ ਗੁਣਾਂ ਵਿੱਚ ਜੁੜਦਾ ਹੈ, ਗੁਣਾਂ ਨੂੰ ਜੀਵਨ ਵਿੱਚ ਕਮਾਉਂਦਾ ਹੈ), ਉਹ ਉਸ ਦੀ ਹਜ਼ੂਰੀ ਵਿਚ ਅੱਪੜਦਾ ਹੈ, ਉਹ ਮਾਲਕ-ਪ੍ਰਭੂ ਨੂੰ ਸਿਰ ਨਿਵਾਂਦਾ ਹੈ, ਢਾਢੀ ਬਣ ਕੇ ਉਸ ਦੇ ਗੁਣ ਗਾਉਂਦਾ ਹੈ।
- ਊਪਰਿ : ਸਾਧ ਊਪਰਿ ਜਾਈਐ ਕੁਰਬਾਨੁ॥ (ਪੰਨਾ 283); ਸਾਧ = ਗੁਰੂ ਊਪਰਿ ਸੰਬੰਧਕੀ ਪਦ ਹੋਣ ਦੇ ਕਾਰਨ, ‘ ਸਾਧ ‘ ਮੁਕਤਾ-ਅੰਤ ਹੋ ਗਿਆ ਹੈ।
ਅਰਥ:- ਸਾਧ ਸ਼ਬਦ ਗੁਰੂ ਗ੍ਰੰਥ ਸਾਹਿਬ ਲਈ ਵਰਤਿਆ ਗਿਆ ਹੈ। ਸ਼ਬਦ ਗੁਰੂ ਦੀ ਸਿਖਿਆ ਤੋਂ ਕੁਰਬਾਨ ਜਾਣਾ ਚਾਹੀਦਾ ਹੈ। ਸ਼ਬਦ ਗੁਰੂ ਦੀ ਸਿਖਿਆ ਨੂੰ ਨਿਮਾਣੇ ਹੋ ਕੇ ਸਵੀਕਾਰ ਕਰਨਾ ਚਾਹੀਦਾ ਹੈ।
- ਕਵਨੁ ਨਰਕੁ, ਕਿਆ ਸੁਰਗੁ ਬਿਚਾਰਾ, ਸੰਤਨ ਦੋਊ ਰਾਦੇ ॥ ਹਮ ਕਾਹੂ ਕੀ, ਕਾਣਿ ਨ ਕਢਤੇ , ਅਪਨੇ ਗੁਰ ਪਰਸਾਦੇ ॥5॥ (ਪੰਨਾ 969); ਕਾਣਿ = ਮੁਥਾਜੀ; ਬਿਚਾਰਾ = ਵਿਚਾਰਾ ;
ਵਿਸ਼ੇਸ਼ ਨੋਟ:- ਜੇ ਕਰ ਕਿਸੇ ਇਕ-ਵਚਨ ਨਾਉਂ ਨਾਲ ਕੋਈ ਪਦ ਆ ਜਾਣ ‘ਤੇ ਉਸ ਨਾਉਂ ਦੀ ਔਂਕੜ ਨਹੀਂ ਉਤਰਦੀ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਨਾਉਂ ਦਾ ਪਦ ਨਾਲ ਕੋਈ ਸੰਬੰਧ ਨਹੀਂ ਹੈ; ਜਿਵੇਂ :-
- ਭਿਸਤੁ : ਭਿਸਤੁ ਨਜੀਕਿ ਰਾਖ ਰਹਿਮਾਨਾ ॥ (ਪੰਨਾ ੧੧੬੧);
ਹੇ ਰਹਿਮਾਨ! ਹੇ ਪ੍ਰਭੂ! ਮੈਨੂੰ ਆਪਣੇ ਨੇੜੇ ਰੱਖ। ਇਹੀ ਮੇਰੇ ਲਈ ਭਿਸ਼ਤ ( ਬਹਿਸ਼ਤ ) ਹੈ।
- ਮਨੁ : ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ॥ ( ਪੰਨਾ ੯੯੦); ਪੰਚ ਅਗਨਿ = ਪੰਜ ਕਾਮਾਦਿਕ ਅੱਗਾਂ, ਵਿਕਾਰ ਰੂਪੀ ਪੰਜ ਅੱਗਾਂ; ਤਿਤੁ = ਕਾਇਆਂ ਰੂਪ ਭੱਠੀ ਵਿੱਚ ਮਨ ਲੋਹੇ ਦੀ ਤਰ੍ਹਾਂ ਹੈ;
- ਦੁਖੁ : ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥ ( ਪੰਨਾ ੩੫੮)
- ਹਰਿ ਹਰਿ ਕਥਾ ਪੜਿਹਂ ਪੁਰਾਣੁ ਜੀਉ॥ ਪੁਰਾਣੁ ਮੁਕਤਾ-ਅੰਤ ਨਹੀ, ਇਸ ਲਈ ਇਸ ਦੇ ਅਰਥ ' ਪੁਰਾਣੁ ਦੀ ਕਥਾ ' ਨਹੀਂ ਹੋ ਸਕਦੇ, ਕਿਉਂਕਿ ਔਂਕੜ-ਮੁਕਤ ਨਾਂ ਹੋਣ ਕਰਕੇ, ਸੰਬੰਧਕੀ ਚਿੰਨ੍ਹ ' ਦੀ ' ਨਹੀਂ ਲੱਗ ਸਕਦਾ ।
ਜਦੋਂ ਕਰਤਾ ਉਤਮ ਪੁਰਖ ਬਹੁ-ਵਚਨ ਹੋਵੇ ਤਾਂ ਉਸ ਦੀ, ਸਮਾਨ ਵਰਤਮਾਨ ਕਾਲ ਵਾਲੀ ਕਿਰਿਆ ਦਾ ‘ ਹ ‘ ਮੁਕਤਾ ਹੁੰਦਾ ਹੈ। ਅਜੇਹੇ ਸ਼ਬਦਾਂ ਦਾ ਉਚਾਰਨ ਬਿੰਦੀ ਲਗਾ ਕੇ ਸਰੇਵਹਿਂ, ਕਰਹਿਂ, ਚਾਲਹਿਂ, ਆਦਿ ਕੀਤਾ ਜਾਂਦਾ ਹੈ।
- ਤਿਨਹ ਹਮ ਚਰਣ ਸਰੇਵਹ ਖਿਨੁ ਖਿਨੁ, ਪਗ ਧੋਵਹ , ਜਿਨ ਹਰਿ ਮੀਠ ਲਗਾਨ ਜੀਉ ॥ (ਪੰਨਾ ੪੪੬); ਤਿਨ੍ਹ੍ਹ ਹਮ ਚਰਣ ਸਰੇਵਹਂ ਖਿਨੁ ਖਿਨੁ ਪਗ ਧੋਵਹਂ ਜਿਨ ਹਰਿ ਮੀਠ ਲਗਾਨ ਜੀਉ ॥ ਸ਼ੁਧ ਉਚਾਰਨ ਹੈ।
- ਸੋ ਹਮ ਕਰਹ ਜੁ ਆਪਿ ਕਰਾਏ॥ (ਪੰਨਾ ੪੯੪); ਸ਼ੁਧ ਉਚਾਰਨ ਕਰਾਹਂ ਹੋਵੇਗਾ।
- ਜਿਉ ਚਲਾਏ ਤਿਉ ਚਾਲਹ ਭਾਈ ਹੋਰ ਕਿਆ ਕੋ ਕਰੇ ਚਤੁਰਾਈ ॥੬॥(ਪੰਨਾ ੬੩੫); ਸ਼ੁਧ ਉਚਾਰਨ ਚਾਲਹਂ ਹੋਵੇਗਾ।
- ਹਮ ਢਾਢੀ ਹਰਿ ਪ੍ਰਭ ਖਸਮ ਕੇ, ਨਿਤ ਗਾਵਹ ਹਰਿ ਗੁਣ ਛੰਤਾ ॥(ਪੰਨਾ ੬੫੦); ਸ਼ੁਧ ਉਚਾਰਨ ਗਾਵਹਂ ਹੋਵੇਗਾ।
- ਹਰਿ ਨਾਮੁ ਸਾਲਾਹਹ ਦਿਨੁ ਰਾਤਿ, ਏਹਾ ਆਸ ਆਧਾਰੋ ॥ (ਪੰਨਾ ੪੫੦); ਸ਼ੁਧ ਉਚਾਰਨ ਸਲਾਹਹਂ ਹੋਵੇਗਾ।
- ਸਰਵਹ – ਅਸੀਂ ਸੇਵਦੇ ਹਾਂ; ਗਾਵਹ – ਅਸੀਂ ਗਾਉਂਦੇ ਹਾਂ; ਕਰਹ – ਅਸੀਂ ਕਰਦੇ ਹਾਂ; ਸਲਾਹਹ – ਅਸੀਂ ਸਲਾਹੁੰਦੇ ਹਾਂ; ਧੋਵਹ – ਅਸੀਂ ਧੋਂਦੇ ਹਾਂ, ਆਦਿ । ਇਨ੍ਹਾਂ ਦੇ ਸ਼ੁੱਧ ਉਚਾਰਨ ਸਰਵਹਂ, ਗਾਵਹਂ, ਕਰਹਂ, ਸਲਾਹਹਂ, ਧੋਵਹਂ, ਆਦਿ ਹੋਣਗੇ, ਕਿਉਂਕਿ ਬਹੁ-ਵਚਨ ਸ਼ਬਦਾਂ ਦੀਆਂ ਕ੍ਰਿਆਵਾਂ ਵੀ ਬਹੁ-ਵਚਨ ਹੀ ਹੋਣਗੀਆਂ।
ਭਵਿਖਤ ਕਾਲ, ਉਤਮ ਪੁਰਖ, ਬਹੁ-ਵਚਨ: -
- ਦੁਸਟ ਸਭਾ ਮਿਲਿ ਮੰਤਰ ਉਪਾਇਆ, ਕਰਸਹ ਅਉਧ ਘਨੇਰੀ ॥ (ਪੰਨਾ ੧੧੬੫); ਕਰਸਹ ਅਉਧ ਘਨੇਰੀ = ਭਾਵ ਮਾਰ ਦਿਆਂ ਗੇ।
- ਕਰਸਹ – ਅਸੀ ਕਰਾਂਗੇ; ਉਚਾਰਨ ਹੈ ਕਰਸਹਿਂ।
ਸਥਾਨਵਾਚੀ ਪੜਨਾਵਾਂ ਜਹ, ਕਹ, ਤਹ ਦਾ ਅੰਤਲਾ ਅੱਖਰ ਸਦਾ ਹੀ ਮੁਕਤਾ-ਅੰਤ ਰਹਿੰਦਾ ਹੈ; ਜਿਵੇਂ:-
- ਜਹ ਕਹ ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ ॥ (ਪੰਨਾ ੧੩੯੫); ਸ਼ੁਧ ਉਚਾਰਨ ਲਈ: ਜਹ, ਕਹ, ਤਹ ਭਰਪੂਰੁ ਸਬਦੁ ਦੀਪਕਿ ਦੀਪਾਯਉ ॥ ਪੜ੍ਹਨਾ ਹੈ।
ਜਹ – ਜਿਥੇ ; ਕਹ – ਕਿਥੇ; ਤਹ – ਉਥੇ;
ਜਹ ਕਹ ਤਹ ਨੂੰ ਉਚਾਰਨ ਵੇਲੇ ਇਉਂ ਪੜ੍ਹਨਾ ਹੈ ਜਿਵੇਂ ਇਨ੍ਹਾਂ ' ਜਹ ' , ' ਕਹ ' ਅਤੇ ' ਤਹ ' ਵਿੱਚ ਵਰਤੇ ' ਹ ' ਅੱਖਰ ਤੋਂ ਪਹਿਲੇ ਅੱਖਰ ਨੂੰ ' ਕੰਨਾ ' ਲੱਗਾ ਹੋਵੇ ਜਿਸ ਦਾ ਉਚਾਰਨ ਬੜਾ ਹਲਕਾ ਜਿਹਾ ਹੈ।